Close
Menu

ਸਨਰਾਈਜ਼ਰਜ਼ ਵੱਲੋਂ ਚਮਕੇ ਧਵਨ ਤੇ ਵਾਰਨਰ

-- 13 April,2017

ਮੁੰਬਈ, ਇੱਥੇ ਵਾਨਖੇੜੇ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਦੌਰਾਨ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 158 ਦੌੜਾਂ ਬਣਾਈਆਂ।
ਹੈਦਰਾਬਾਦ ਵੱਲੋਂ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਤੇ ਕਪਤਾਨ ਡੇਵਿਡ ਵਾਰਨਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਟੀਮ ਦੀ ਪਹਿਲੀ ਵਿਕਟ ਗਿਆਰਵੇਂ ਓਵਰ ਵਿੱਚ 81 ਦੌੜਾਂ ’ਤੇ ਡੇਵਿਡ ਵਾਰਨਰ ਦੇ ਰੂਪ ਵਿੱਚ ਡਿੱਗੀ। ਉਸ ਨੇ 34 ਗੇਂਦਾਂ ਖੇਡਦਿਆਂ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ। ਉਹ ਹਰਭਜਨ ਸਿੰਘ ਦੀ ਗੇਂਦ ’ਤੇ ਪਾਰਥਿਵ ਪਟੇਲ ਹੱਥੋਂ ਕੈਚ ਆਊਟ ਹੋਇਆ।
ਉਸ ਤੋਂ ਬਾਅਦ ਦੀਪਕ ਹੁੱਡਾ ਕਰੀਜ਼ ’ਤੇ ਆਇਆ ਤੇ ਉਹ ਵੀ 14ਵੇਂ ਓਵਰ ਵਿੱਚ ਹਰਭਜਨ ਦੀ ਗੇਂਦ ’ਤੇ ਪੋਲਾਰਡ ਹੱਥੋਂ ਕੈਚ ਆਊਟ ਹੋਇਆ। ਉਸ ਨੇ ਨੌਂ ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ ਨੌਂ ਦੌੜਾਂ ਬਣਾਈਆਂ। ਮੈਕਲੈਗਨ ਨੇ 15ਵੇਂ ਓਵਰ ਵਿੱਚ ਧਵਨ ਨੂੰ ਬੋਲਡ ਕੀਤਾ। ਉਸ ਨੇ 43 ਗੇਂਦਾਂ ’ਤੇ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਉਸ ਦੇ ਆਊਟ ਹੋਣ ’ਤੇ ਟੀਮ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ’ਤੇ 114 ਦੌੜਾਂ ਹੋ ਗਿਆ। ਉਸ ਤੋਂ ਬਾਅਦ ਯੁਵਰਾਜ ਸਿੰਘ ਨੇ ਪਾਰੀ ਨੂੰ ਸਾਂਭਣ ਦਾ ਯਤਨ ਕੀਤਾ, ਪਰ ਉਹ ਸੱਤ ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ ਪੰਜ ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਉਸ ਨੂੰ ਹਾਰਦਿਕ ਪਾਂਡਿਆਂ ਨੇ ਬੋਲਡ ਕੀਤਾ।
ਬੈੱਨ ਕਟਿੰਗ ਨੇ ਦਸ ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ, ਪਰ ਉਹ ਵੀ ਬੁਮਰਾਹ ਦੀ ਗੇਂਦ ’ਤੇ ਬੋਲਡ ਹੋ ਗਿਆ। ਐਨ. ਓਜਹਾ ਨੇ 9 ਗੇਂਦਾਂ ਵਿੱਚ 9 ਦੌੜਾਂ ਬਣਾਈਆਂ, ਉਹ ਮਲਿੰਗਾ ਦੀ ਗੇਂਦ ’ਤੇ ਨਿਤੀਸ਼ ਰਾਣਾ ਹੱਥੋਂ ਕੈਚ ਆਊਟ ਹੋਇਆ। ਰਾਸ਼ਿਦ ਖ਼ਾਨ ਨੇ ਚਾਰ ਗੇਂਦਾਂ ਵਿੱਚ ਦੋ ਦੌੜਾਂ ਬਣਾਈਆਂ।  ਮੁੰਬਈ ਇੰਡੀਟਜ਼ ਵੱਲੋਂ ਹਰਭਜਨ ਸਿੰਘ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ ਦੋ ਵਿਕਟਾਂ, ਐਲ. ਮਲਿੰਗਾ ਨੇ ਚਾਰ ਓਵਰਾਂ ਵਿੱਚ 30 ਦੌੜਾਂ ਦੇ ਕੇ ਇੱਕ ਵਿਕਟ, ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਐਮ. ਮੈਕਲੈਗਨ ਨੇ ਚਾਰ ਓਵਰਾਂ ਵਿੱਚ 42 ਦੌੜਾਂ ਦੇ ਕੇ ਇੱਕ ਵਿਕਟ ਲਈ।

ਅੰਪਾਇਰਾਂ ਦੀ ‘ਗ਼ਲਤੀ’
ਅੰਪਾਇਰਾਂ ਸੀਕੇ ਨੰਦਨ ਤੇ ਨਿਤਿਨ ਮੈਨਨ ਨੇ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੂੰ ਛੇਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਚੌਕਾ ਜੜਨ ਤੋਂ ਬਾਅਦ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਸਟ੍ਰਾਈਕ ਲੈਣ ਦਿੱਤੀ। ਟੀਵੀ ਅੰਪਾਇਰ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।

Facebook Comment
Project by : XtremeStudioz